ਸਰਬਲੋਹ ਗ੍ਰੰਥ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਰਬਲੋਹ ਗ੍ਰੰਥ: ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਸੰਬੰਧਿਤ ਹੈ। ਇਸ ਦੇ ਦੋ ਨਾਂ ਪ੍ਰਚਲਿਤ ਹਨ— (1) ‘ਸਰਬਲੋਹ’ ਅਤੇ (2) ‘ਮੰਗਲਾਚਰਣ ਪੁਰਾਣ ’। ਇਸ ਦਾ ਅਧਿਕ ਪ੍ਰਚਲਿਤ ‘ਸਰਬਲੋਹ’ ਨਾਂ ਇਸ ਵਿਚ ਵਰਣਿਤ ‘ਸਰਬਲੋਹ ਅਵਤਾਰ ’ ਦੇ ਆਖਿਆਨ ਕਾਰਣ ਪਿਆ ਪ੍ਰਤੀਤ ਹੁੰਦਾ ਹੈ। ‘ਮੰਗਲਾਚਰਣ ਪੁਰਾਣ’ ਨਾਂ ਅਧਿਆਇ-ਅੰਤ ਉਤੇ ਲਿਖੀਆਂ ਪੁਸ਼ਪਿਕਾਵਾਂ ਵਿਚ ਅੰਕਿਤ ਹੈ। ਪੁਰਾਤਨ ਹੱਥ- ਲਿਖਿਤਾਂ (ਬੁੰਗਾ ਮਾਈ ਭਾਗੋ-ਹਜ਼ੂਰ ਸਾਹਿਬ ਨਾਂਦੇੜ , ਗੁਰਦੁਆਰਾ ਸਮਾਧੀਆਂ ਮਹਾਰਾਜਗਾਨ ਸੰਗਰੂਰ ਅਤੇ ਅਨੇਕ ਹੋਰ ਵਿਅਕਤੀਆਂ ਅਤੇ ਗੁਰੂ-ਧਾਮਾਂ/ਡੇਰਿਆਂ ਵਿਚ ਸੁਰਖਿਅਤ) ਵਿਚ ਭਾਵੇਂ ਇਸ ਦਾ ਕੋਈ ਵਿਸ਼ੇਸ਼ ਨਾਂ ਲਿਖਿਆ ਨਹੀਂ ਮਿਲਦਾ, ਪਰਸਿੰਘ ਸਾਹਿਬ ਬਾਬਾ ਸੰਤਾ ਸਿੰਘ ਜੀ ਜੱਥੇਦਾਰ ਛਿਆਨਵੇਂ ਕ੍ਰਿੋੜੀ, ਗੁਰੂ ਕਾ ਬਾਗ਼ ਸ੍ਰੀ ਆਨੰਦਪੁਰ ਸਾਹਿਬ ’ ਦੁਆਰਾ ਪ੍ਰਕਾਸ਼ਿਤ ਸੰਸਕਰਣ (ਕੁਲ 862 ਪੰਨੇ ਅਤੇ 4361 ਛੰਦ) ਵਿਚ ਇਸ ਦਾ ਨਾਂ ‘ਸ੍ਰੀ ਸਰਬਲੋਹ ਗ੍ਰੰਥ ਸਾਹਿਬ ਜੀ’ ਲਿਖਿਆ ਹੈ।

            ਇਸ ਗ੍ਰੰਥ ਦਾ ਕਰਤ੍ਰਿਤਵ ਸੰਦਿਗਧ ਹੈ। ਆਮ ਤੌਰ ’ਤੇ ਦੋ ਮਤ ਪ੍ਰਚਲਿਤ ਹਨ। ਪੂਰਵ ਪੱਖ ਦੇ ਵਿਦਵਾਨ (ਸੁਆਮੀ ਹਰਿਨਾਮ ਦਾਸ ਉਦਾਸੀਨ, ਹਜੂਰਾ ਸਿੰਘ ਗ੍ਰੰਥੀ , ਕੌਰ ਸਿੰਘ ਅਕਾਲੀ , ਗਿਆਨੀ ਗਿਆਨ ਸਿੰਘ, ਨਿਹੰਗ ਜੱਥੇਬੰਦੀ ਆਦਿ) ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦੇ ਹਨ। ਇਨ੍ਹਾਂ ਦੀ ਮਾਨਤਾ ਦਾ ਆਧਾਰ ਪਰੰਪਰਾ ਤੋਂ ਇਲਾਵਾ ਇਸ ਗ੍ਰੰਥ ਦੀ ਮੁੱਢਲੀ ਉਕਤੀ ਵੀ ਹੈ :

ਸ੍ਰੀ ਵਾਹਿਗੁਰੂ ਜੀ ਕੀ ਫਤਹਿ

੍ਰੀ ਭਵਾਨੀ ਜੀ ਸਹਾਇ

੍ਰੀ ਮਾਯਾ ਲਛਮੀ ਜੀ ਸਹਾਇ

ਸਤਤਿ ਸ੍ਰੀ ਮਾਯਾ ਲਛਮੀ ਜੀ ਕੀ

            ੍ਰੀ ਮੁਖਿਵਾਕਯ ਪਾਤਿਸ਼ਾਹੀ ੧੦

            ਇਸ ਤੋਂ ਇਲਾਵਾ ਇਸ ਵਚ ‘ਦਾਸ ਗੋਬਿੰਦ’, ‘ਸ਼ਾਹ ਗੋਬਿੰਦ’, ‘ਸਯਾਮ’ ਅਤੇ ‘ਰਾਮ’ ਆਦਿ ਕਵੀ-ਛਾਪਾਂ ਵੀ ਵਰਤੀਆਂ ਗਈਆਂ ਹਨ।

            ਉਤਰ ਪੱਖ (ਵਿਰੋਧੀ ਮਤ) ਦੇ ਵਿਦਵਾਨਾਂ ਵਿਚੋਂ ਪੰਡਿਤ ਤਾਰਾ ਸਿੰਘ ਨਰੋਤਮ ਇਸ ਗ੍ਰੰਥ ਨੂੰ ਭਾਈ ਸੁਖਾ ਸਿੰਘ ਗ੍ਰੰਥੀ (ਪਟਨੇ ਵਾਲੇ) ਦੀ ਰਚਨਾ ਮੰਨਦੇ ਹਨ ਕਿਉਂਕਿ ਭਾਈ ਸੁਖਾ ਸਿੰਘ ਨੇ ਪ੍ਰਗਟ ਕੀਤਾ ਹੈ ਕਿ ਇਹ ਗ੍ਰੰਥ ਉਸ ਨੂੰ ਜਗੰਨਾਥ ਦੀ ਝਾੜੀ ਵਿਚ ਰਹਿਣ ਵਾਲੇ ਇਕ ਅਵਧੂਤ ਉਦਾਸੀ ਤੋਂ ਪ੍ਰਾਪਤ ਹੋਇਆ ਸੀ ਅਤੇ ਜੋ ਦਸਮ ਗੁਰੂ ਦੀ ਰਚਨਾ ਹੈ। ਮਹਾਨ ਕੋਸ਼ਕਾਰ ਭਾਈ ਕਾਨ੍ਹ ਸਿੰਘ ਨਾਭਾ ਦਾ ਮਤ ਹੈ ਕਿ ਇਸ ਗ੍ਰੰਥ ਵਿਚ ‘ਰੂਪ ਦੀਪ ਭਾਸ਼ਾ ਪਿੰਗਲ’ ਦਾ ਉਲੇਖ ਹੈ ਜਿਸ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੇ ਦੇਹਾਂਤ ਤੋਂ ਬਾਦ ਸੰ. 1776 ਬਿ. (1719 ਈ.) ਵਿਚ ਹੋਈ ਸੀ।

        ਉਪਰੋਕਤ ਦੋਹਾਂ ਮਤਾਂ ਦੇ ਆਧਾਰ ਬਹੁਤ ਵਜ਼ਨ- ਦਾਰ ਨਹੀਂ ਹਨ। ਇਨ੍ਹਾਂ ਤੋਂ ਇਲਾਵਾ ਕੁਝ ਹੋਰ ਤੱਥ ਵੀ ਸਾਹਮਣੇ ਆਏ ਹਨ, ਜਿਵੇਂ :

(1)    ਇਸ ਵਿਚ ਗ੍ਰੰਥ ਸਾਹਿਬ ਨੂੰ ਗੁਰੂ-ਪਦ ਦੇਣ ਦਾ ਉਲੇਖ ਹੈ ਜੋ ਦਸਮ ਗੁਰੂ ਦੇ ਦੇਹਾਂਤ ਤੋਂ ਕੁਝ ਪਹਿਲਾਂ ਦੀ ਘਟਨਾ ਹੈ।

(2)   ਇਸ ਵਿਚ ਕਈ ਥਾਂਵਾਂ’ਤੇ ਇਸ ਵਿਚਲੀਆਂ ਕੁਝ ਕੁ ਰਚਨਾਵਾਂ ਨੂੰ ‘ਦਸਮ ਗ੍ਰੰਥਵਾਲੀਆਂ ਕ੍ਰਿਤੀਆਂ ਦੀਆਂ ਧੁਨੀਆਂ ਉਤੇ ਗਾਉਣ ਦਾ ਸੰਕੇਤ ਹੈ, ਜਿਵੇਂ ‘ਭਗਉਤੀ ਜੀ ਕੀ ਵਾਰ ਕੀ ਧੁਨੀ ’, ‘ਨਿਹਕਲਿੰਕੀ ਦੀ ਧੁਨੀ’, ‘ਅਸਕੇਤ ਕੀ ਧੁਨੀ’। ਅਜਿਹਾ ਸੰਕੇਤ ‘ਦਸਮ ਗ੍ਰੰਥ’ ਵਿਚਲੀਆਂ ਕ੍ਰਿਤੀਆਂ ਦੇ ਆਮ ਪ੍ਰਚਲਨ ਤੋਂ ਬਾਦ ਹੀ ਸੰਭਵ ਹੋ ਸਕਦਾ ਹੈ।

(3)   ਇਸ ਵਿਚ ਦਸਮ-ਗੁਰੂ ਦੀ ਬੰਸਾਵਲੀ ਦਰਜ ਹੈ।

(4)   ਇਸ ਵਿਚ ਕਿਤੇ ਕਿਤੇ ਦਸਮ-ਗੁਰੂ ਪ੍ਰਤਿ ਆਦਰ ਦੀ ਭਾਵਨਾ ਪ੍ਰਗਟ ਕੀਤੀ ਗਈ ਹੈ।

(5)   ਇਸ ਦੀ ਕੋਈ ਵੀ ਪੁਰਾਤਨ ਹੱਥ-ਲਿਖਿਤ ਪੋਥੀ ਉਪਲਬਧ ਨਹੀਂ ਹੈ ਜੋ ਦਸਮ-ਗੁਰੂ ਦੇ ਸਮੇਂ ਲਿਖੀ ਗਈ ਹੋਵੇ।

(6)   ਇਸ ਗ੍ਰੰਥ ਦਾ ਇਤਿਹਾਸ ਸੰਦੇਹ-ਪੂਰਣ ਹੈ।

(7)   ਇਸ ਦੀ ਬਾਣੀ ਦੇ ਰਾਗਾਨੁਸਾਰ ਹੋਣ ਕਾਰਣ ‘ਦਸਮ ਗ੍ਰੰਥ’ (ਸ਼ਬਦਾਂ ਜਾਂ ਪਾਰਸਨਾਥ ਪ੍ਰਸੰਗ ਨੂੰ ਛਡ ਕੇ) ਦੀ ਸ਼ੈਲੀ ਤੋਂ ਬਹੁਤ ਭਿੰਨ ਹੈ।

(8)   ਇਸ ਗ੍ਰੰਥ ਦੀ ਬਾਣੀ ਵਿਚ ਨ ਛੰਦ-ਵਿਵਿਧਤਾ ਹੈ ਅਤੇ ਨ ਹੀ ਭਾਸ਼ਾ-ਸ਼ੈਲੀ ਦਾ ਗੌਰਵ ਹੈ।

            ਇਸ ਲਈ ਇਸ ਨੂੰ ਦਸਮ-ਗੁਰੂ ਦੀ ਰਚਨਾ ਮੰਨਣੋਂ ਸੰਕੋਚ ਕਰਨਾ ਪੈਂਦਾ ਹੈ। ਪਰ ਜਦੋਂ ਤਕ ਇਸ ਦੇ ਰਚੈਤਾ ਅਤੇ ਰਚਨਾ-ਕਾਲ ਬਾਰੇ ਕੋਈ ਤੱਥ-ਆਧਾਰਿਤ ਸਾਮਗ੍ਰੀ ਨਹੀਂ ਮਿਲ ਜਾਂਦੀ, ਤਦ ਤਕ ਵਿਚਾਰ-ਵਿਸ਼ਲੇਸ਼ਣ ਲਈ ਇਸ ਨੂੰ ਕੇਵਲ ਸਿੱਖ ਸਾਹਿਤ ਦਾ ਅੰਗ ਮੰਨਣਾ ਹੀ ਵਾਜਬ ਹੈ।

            ਇਹ ਗ੍ਰੰਥ ਪੰਜ ਅਧਿਆਵਾਂ ਵਿਚ ਵੰਡਿਆ ਹੋਇਆ ਹੈ। ਪਹਿਲੇ ਚਾਰ ਅਧਿਆਇ ਇਸ ਦਾ ਪੂਰਵਾਰਧ ਹਨ ਅਤੇ ਪੰਜਵਾਂ ਅਧਿਆਇ, ਜੋ ਕਾਫ਼ੀ ਵੱਡਾ ਹੈ, ਉੱਤਰਾਰਧ ਹੈ। ਇਸ ਵਿਚ ਕਾਫ਼ੀ ਭਾਸ਼ਾਵਾਂ ਦਾ ਪ੍ਰਯੋਗ ਹੋਇਆ ਹੈ। ਕਪੂਰਥਲਾ ਨਿਵਾਸੀ ਸੁਆਮੀ ਹਰਿਨਾਮ ਦਾਸ ਉਦਾਸੀਨ ਨੇ ਇਕ ਨਿਜੀ ਮੁਲਾਕਾਤ (16 ਅਕਤੂਬਰ 1959 ਈ.) ਵੇਲੇ ਦਸਿਆ ਸੀ ਕਿ ਇਸ ਵਿਚ ਲਗਭਗ 50 ਭਾਸ਼ਾਵਾਂ ਵਰਤੀਆਂ ਹੋਈਆਂ ਹਨ ਅਤੇ 128 ਰਾਗ-ਰਾਗਨੀਆਂ ਅਨੁਸਾਰ ਬਾਣੀ ਰਚੀ ਗਈ ਹੈ। ਇਸ ਵਿਚ ਨ੍ਰਿਤ-ਕਲਾ ਦੇ ਭੇਦ-ਉਪਭੇਦਾਂ ਦਾ ਵੀ ਉਲੇਖ ਹੋਇਆ ਹੈ।

            ਇਸ ਗ੍ਰੰਥ ਦੀ ਪ੍ਰਧਾਨ ਭਾਸ਼ਾ ਬ੍ਰਜ ਹੈ ਅਤੇ ਇਸ ਦੀਆਂ ਕੇਵਲ ਗੁਰਮੁਖੀ ਵਿਚ ਲਿਖੀਆਂ ਹੱਥ-ਲਿਖਿਤਾਂ ਉਪਲਬਧ ਹਨ। ਯੁੱਧ-ਵਰਣਨ ਅਤੇ ਰਣ-ਸੱਜਾ ਦਾ ਚਿਤ੍ਰਣ ਬੜੇ ਸੁਭਾਵਿਕ ਢੰਗ ਨਾਲ ਹੋਇਆ ਹੈ। ਪ੍ਰਕਾਸ਼ਿਤ ਸੰਸਕਰਣ ਦੇ ਸ਼ੁਰੂ ਵਿਚ ਇਸ ਵਿਚ ਵਰਤੇ ਗਏ ਰਾਗਾਂ ਅਤੇ ਛੰਦਾਂ ਦੇ ਨਾਂਵਾਂ ਦੀ ਸੂਚੀ ਛਪੀ ਹੋਈ ਹੈ। ਮਹਾਨਕੋਸ਼ਕਾਰ ਭਾਈ ਕਾਨ੍ਹ ਸਿੰਘ ਦੇ ਦਸੇ ਅਨੁਸਾਰ ਭਾਈ ਧਿਆਨ ਸਿੰਘ ਸਾਹਿਬ ਕਟੂ (ਰਿਆਸਤ ਨਾਭਾ) ਨਿਵਾਸੀ ਮਹਾਤਮਾ ਨੇ ‘ਦਸਮ ਗ੍ਰੰਥ’ ਵਿਚੋਂ ਚਰਿਤ੍ਰ ਕਢ ਕੇ ਸਰਬਲੋਹ ਸ਼ਾਮਲ ਕਰਕੇ ਇਕ ਬੀੜ ਤਿਆਰ ਕਰਾਈ ਸੀ ਜਿਸ ਦਾ ਪ੍ਰਚਾਰ ਨਹੀਂ ਹੋਇਆ।

            ਇਸ ਗ੍ਰੰਥ ਵਿਚਲੇ ਬ੍ਰਿੱਤਾਂਤ ਦਾ ਸੰਖਿਪਤ ਸਾਰ ਇਸ ਪ੍ਰਕਾਰ ਹੈ :

ਪਹਿਲਾ ਅਧਿਆਇ: ਦੈਂਤਾਂ ਦਾ ਦੇਵਤਿਆਂ ਨਾਲ ਯੁੱਧ ਕਰਨਾ , ਦੇਵਤਿਆਂ ਦਾ ਹਾਰਨਾ, ਦੇਵਤਿਆਂ ਦਾ ਸਹਾਇਤਾ ਲਈ ਦੇਵੀ ਪਾਸ ਜਾਣਾ, ਸਹਾਇਤਾ ਲਈ ਦੇਵੀ ਦਾ ਆਪਣੇ ਨਾਲ ਅਨੇਕ ਦੇਵਤਾ-ਸ਼ਕਤੀਆਂ ਨੂੰ ਮਿਲਾ ਕੇ ਭੀਮ-ਨਾਮ ਦੈਂਤ-ਨਾਇਕ ਨਾਲ ਯੁੱਧ ਕਰਨਾ ਅਤੇ ਭੀਮ-ਨਾਦ ਦਾ ਮਾਰਿਆ ਜਾਣਾ।

ਦੂਜਾ ਅਧਿਆਇ: ਭੀਮ-ਨਾਦ ਦੀ ਮੌਤ ਤੋਂ ਬਾਦ ਉਸ ਦੇ ਪਰਿਵਾਰ ਦਾ ਦੁਖੀ ਹੋਣਾ, ਬਦਲੇ ਲਈ ਵਿਚਾਰ-ਵਟਾਂਦਰਾ ਕਰਨਾ, ਦੈਂਤ ਦੀ ਪਤਨੀ ਦਾ ਸਤੀ ਹੋਣਾ, ਭੀਮ-ਨਾਦ ਦੇ ਭਰਾ ਬ੍ਰਿਜਨਾਦ (ਨਾਮਾਂਤਰ ਵੀਰਯਨਾਦ) ਨੇ ਬਦਲਾ ਲੈਣ ਲਈ ਸੈਨਾ ਇਕੱਠੀ ਕਰਨੀ, ਦੂਜੇ ਪਾਸੇ ਇੰਦ੍ਰ ਅਤੇ ਦੇਵਤਿਆਂ ਵਲੋਂ ਯੁੱਧ ਦੀ ਤਿਆਰੀ ਕਰਨਾ।

ਤੀਜਾ ਅਧਿਆਇ: ਦੈਂਤਾਂ ਅਤੇ ਦੇਵਤਿਆਂ ਦੇ ਦਲਾਂ ਦਾ ਯੁੱਧ ਲਈ ਆਹਮਣੇ-ਸਾਹਮਣੇ ਡਟਣਾ, ਨਾਰਦ ਦਾ ਵਿਸ਼ਣੂ ਦਾ ਦੂਤ ਬਣ ਕੇ ਸੰਧੀ ਲਈ ਵੀਰਯਨਾਦ ਕੋਲ ਜਾਣਾ, ਵੀਰਯਨਾਦ ਦੁਆਰਾ ਸੰਧੀ ਦਾ ਪ੍ਰਸਤਾਵ ਠੁਕਰਾਉਣਾ, ਅੰਤ ਵਿਚ ਘੋਰ ਯੁੱਧ ਹੋਣਾ ਅਤੇ ਵੀਰਯਨਾਦ ਦੇ ਬਹੁਤ ਸਾਰੇ ਸੈਨਿਕਾਂ ਦਾ ਮਾਰਿਆ ਜਾਣਾ।

ਚੌਥਾ ਅਧਿਆਇ: ਫਿਰ ਤੋਂ ਸ਼ੁਰੂ ਹੋਏ ਘੋਰ ਸੰਗ੍ਰਾਮ ਵਿਚ ਬਹੁਤ ਸਾਰੇ ਦੇਵਤਿਆਂ ਦਾ ਮਾਰਿਆ ਜਾਣਾ, ਵਿਸ਼ਣੂ ਦੁਆਰਾ ਅੰਮ੍ਰਿਤ ਪਾਨ ਕਰਵਾ ਕੇ ਉਨ੍ਹਾਂ ਨੂੰ ਪੁਨਰ-ਜੀਵਿਤ ਕਰਨਾ, ਦੈਂਤਾਂ ਦਾ ਯੁੱਧ ਜਿਤਣਾ ਅਤੇ ਇੰਦ੍ਰ ਨੂੰ ਬੰਦੀ ਬਣਾ ਕੇ ਇੰਦ੍ਰਪੁਰੀ ਉਤੇ ਅਧਿਕਾਰ ਸਥਾਪਿਤ ਕਰਨਾ ਅਤੇ ਵਿਸ਼ਣੂ ਨੇ ਆਪਣੀ ਸ਼ਕਤੀ ਰਾਹੀਂ ਇੰਦ੍ਰ ਦੇ ਬੰਧਨ ਕਟਣਾ।

ਪੰਜਵਾਂ ਅਧਿਆਇ: ਹਾਰ ਖਾ ਕੇ ਦੁਖੀ ਹੋਏ ਦੇਵਤਿਆਂ ਦਾ ਮਦਦ ਲਈ ਮਹਾਕਾਲ ਕੋਲ ਪ੍ਰਾਰਥਨਾ ਕਰਨਾ, ਮਹਾਕਾਲ ਦਾ ਸਰਬਲੋਹ ਰੂਪ ਵਿਚ ਅਵਤਾਰ ਧਾਰਣ ਕਰਨਾ, ਸਰਬਲੋਹ ਦਾ ਗਣੇਸ਼ ਨੂੰ ਸੰਧੀ ਲਈ ਬ੍ਰਿਜਨਾਦ ਪਾਸ ਭੇਜਣਾ, ਦੈਂਤ ਦੁਆਰਾ ਸੰਧੀ-ਪ੍ਰਸਤਾਵ ਨੂੰ ਠੁਕਰਾ ਦੇਣਾ, ਸਰਬਲੋਹ ਦਾ ਵੀਰਯਨਾਦ ਤੋਂ ਬਿਨਾ ਸਾਰਿਆਂ ਦੈਂਤਾਂ ਨੂੰ ਆਪਣੇ ਵਿਚ ਲੀਨ ਕਰ ਲੈਣਾ , ਵੀਰਯਨਾਦ ਨਾਲ ਸਰਬਲੋਹ ਦਾ ਪ੍ਰਲਯ ਤਕ ਭਿਆਨਕ ਯੁੱਧ ਕਰਨਾ, ਸਰਬਲੋਹ ਵਲੋਂ ਵੀਰਯਨਾਦ ਦਾ ਸਿਰ ਕਟ ਕੇ ਸ਼ਿਵ ਨੂੰ ਮੁੰਡ-ਮਾਲ ਵਿਚ ਮੇਰੁ ਵਜੋਂ ਪਰੋਣ ਲਈ ਦੇਣਾ।

            ਉਪਰੋਕਤ ਘਟਨਾਵਾਂ ਤੋਂ ਇਲਾਵਾ ਇਸ ਗ੍ਰੰਥ ਵਿਚ ਮੋਹ ਅਤੇ ਵਿਵੇਕ ਦੇ ਯੁੱਧ ਦਾ ਵੀ ਵਰਣਨ ਹੈ। ਕਈ ਵਾਰ ਇੰਜ ਮਹਿਸੂਸ ਹੋਣ ਲਗ ਜਾਂਦਾ ਹੈ ਕਿ ਯੁੱਧ ਸਰਬਲੋਹ ਅਤੇ ਵੀਰਯਨਾਦ ਵਿਚ ਹੋ ਰਿਹਾ ਹੈ ਜਾਂ ਵਿਵੇਕ ਅਤੇ ਮੋਹ ਵਿਚ ਹੋ ਰਿਹਾ ਹੈ। ਇਸ ਤੋਂ ਇਲਾਵਾ ਦਸ ਅਵਤਾਰਾਂ ਦੀ ਕਥਾ , ਖ਼ਾਲਸਾ-ਪ੍ਰਕਾਸ਼, ਗੁਰਗਦੀ ਪਾਤਿਸ਼ਾਹੀ ੧੦ ਅਤੇ ਬਖਸਿਸ ਹਜੂਰ ਆਦਿ ਪ੍ਰਸੰਗ ਵੀ ਸ਼ਾਮਲ ਹੋਏ ਹਨ।

            ਇਸ ਗ੍ਰੰਥ ਦੀ ਰਚਨਾ-ਸ਼ੈਲੀ ਪੌਰਾਣਿਕ ਢੰਗ ਵਾਲੀ ਹੈ। ਦੇਵ-ਅਸੁਰ-ਸੰਗ੍ਰਾਮ ਪੁਰਾਣ-ਸਾਹਿਤ ਦੇ ਅਨੁਰੂਪ ਹੈ। ਦੇਵੀ ਦੇ ਪ੍ਰਸੰਗ ‘ਦੇਵੀ ਭਾਗਵਤ ਪੁਰਾਣ’ ਅਤੇ ‘ਮਾਰਕੰਡੇਯ ਪੁਰਾਣ’ ਦੇ ਸਮਾਨਾਂਤਰ ਚਲਦੇ ਹਨ। ਬ੍ਰਿਜਨਾਦ ਦੇ ਸੰਘਾਰ ਲਈ ਮਹਾਕਾਲ ਦਾ (ਸ੍ਰੀ ਮਹਾਕਾਲ ਬੈਰਾਟ ਮਹਾ ਪ੍ਰਭੂ ਦੀਪਕ ਵਤ ਪ੍ਰਚੰਡ ਬਲੇ— ਪੰਨੇ 615) ਸਰਬਲੋਹ ਅਵਤਾਰ ਧਾਰਣ ਕਰਨਾ ਪੌਰਾਣਿਕ ਅਵਤਾਰਵਾਦ ਦੀਆਂ ਲੀਹਾਂ ਉਤੇ ਹੋਇਆ ਹੈ। ਗ੍ਰੰਥ ਦੇ ਅੰਤ ਉਤੇ ਸਾਫ਼ ਲਿਖਿਆ ਹੈ— ਸਰਬਲੋਹ ਬੈਰਾਟ ਮਹਾ ਪ੍ਰਭੂ ਜੁਗ ਜੁਗ ਧਾਰਤਿ ਭਏ ਤਨੰ ਸੁਭ ਸੁਰ ਛਿਤ ਧੇਨੁ ਸੰਤ ਹਿਤੁ ਕਾਰੀ ਲੇਤ ਅਉਤਾਰ ਜਗਤਿ ਮਹਿ ਹਰੀ (ਪੰਨਾ 851)।

            ਸਪੱਸ਼ਟ ਹੈ ਕਿ ਇਸ ਗ੍ਰੰਥ ਦੀ ਰਚਨਾ ਪੌਰਾਣਿਕ ਸਰਣੀ’ਤੇ ਕੀਤੀ ਗਈ ਹੈ। ‘ਦਸਮ-ਗ੍ਰੰਥ ’ ਦੀਆਂ ਅਵਤਾਰ -ਪਰੰਪਰਾਵਾਂ ਅਤੇ ਕਥਾਵਾਂ ਪੁਰਾਣ-ਸਾਹਿਤ ਦੇ ਪਰਿਚਿਤ ਆਖਿਆਨਾਂ’ਤੇ ਆਧਾਰਿਤ ਹਨ, ਪਰ ਇਸ ਗ੍ਰੰਥ ਦਾ ਅਵਤਾਰ (ਸਰਬਲੋਹ) ਕਵੀ ਦੀ ਮੌਲਿਕ ਕਲਪਨਾ ਹੈ। ਇਹ ਵਖਰੀ ਗੱਲ ਹੈ ਕਿ ਅਨੇਕ ਪੌਰਾਣਿਕ ਆਖਿਆਨਾਂ/ ਪ੍ਰਸੰਗਾਂ ਨੂੰ ਮੋੜ-ਤੋੜ ਕੇ ਇਸ ਵਿਚ ਸਮੋਇਆ ਗਿਆ ਹੈ।

            ਸ਼ੈਲੀ ਅਥਵਾ ਰਚਨਾ-ਵਿਧਾਨ ਤੋਂ ਇਹ ਗ੍ਰੰਥ ਪੁਰਾਣ ਜਿਹਾ ਪ੍ਰਤੀਤ ਹੁੰਦਾ ਹੈ। ਪੁਰਾਣਾਂ ਵਾਂਗ ਇਸ ਵਿਚ ਕਈ ਵਕਤਾ-ਸਰੋਤਾ ਆਏ ਹਨ। ਦੂਜੇ ਅਧਿਆਇ ਵਿਚ ਭਗਵਾਨ , ਪ੍ਰਜਾਪਤੀ , ਅਲਕੇਸ਼, ਦੂਤ, ਕਾਲ , ਦੁਆਰਪਾਲ, ਸੇਸਸਈ ਆਦਿ ਅਨੇਕ ਵਕਤਾ ਭਾਗ ਲੈਂਦੇ ਹੋਇਆਂ ਵੀ ਕਥਾ-ਪ੍ਰਵਾਹ ਵਿਚ ਕਿਸੇ ਕਿਸਮ ਦੀ ਕੋਈ ਰੁਕਾਵਟ ਪੈਦਾ ਨਹੀਂ ਕਰਦੇ। ਪਰ ਜਿਥੇ ਪ੍ਰਕਰਣ ਤੋਂ ਹਟ ਕੇ ਕੋਈ ਹੋਰ ਕਥਾ- ਪ੍ਰਸੰਗ ਜੋੜੇ ਗਏ ਹਨ, ਉਥੇ ਕਥਾ ਦੇ ਵਿਕਾਸ ਨੂੰ ਹਾਨੀ ਪਹੁੰਚੀ ਹੈ।

            ਭਾਵਨਾ ਦੀ ਦ੍ਰਿਸ਼ਟੀ ਤੋਂ ਇਸ ਵਿਚ ਪੁਜਾਰੀ- ਭਾਵਨਾ ਅਤੇ ਛਤ੍ਰੀ-ਭਾਵਨਾ ਦੋਹਾਂ ਦੇ ਦਰਸ਼ਨ ਹੁੰਦੇ ਹਨ, ਪਰ ਮੁੱਖ ਤੌਰ’ਤੇ ਵੀਰ-ਰਸ ਦੀ ਵਰਤੋਂ ਹੋਈ ਹੈ। ਇਸ ਕਾਰਣ ਸਿੱਖ-ਯੋਧਿਆਂ ਲਈ ਕਦੇ ਇਹ ਗ੍ਰੰਥ ਉਤਸਾਹ ਵਧਾਉਣ ਦਾ ਵਿਸ਼ੇਸ਼ ਸਰੋਤ ਰਿਹਾ ਹੋਵੇਗਾ। ਇਸ ਗ੍ਰੰਥ ਵਿਚ ਅਵਤਾਰ- ਵਾਦ ਦੇ ਨਾਲ ਨਾਲ ਦੇਵੀ ਅਥਵਾ ਸ਼ਕਤੀ ਦੀ ਉਪਾਸਨਾ ਅਤੇ ਉਸਤਤ ਬਾਰ ਬਾਰ ਕੀਤੀ ਗਈ ਹੈ। ਇਹ ਗ੍ਰੰਥ ਸ਼ਾਕਤ- ਭਗਤੀ ਨਾਲ ਭਰਪੂਰ ਹੈ। ਸ਼ਕਤੀ ਸਾਰੀਆਂ ਸਮਰਥਤਾਵਾਂ ਨਾਲ ਸੰਪੰਨ ਹੈ। ਉਹੀ ਇਸ ਸੰਸਾਰ ਦੀ ਉਤਪੱਤੀ, ਸਥਿਤੀ ਅਤੇ ਸੰਘਾਰ ਦਾ ਕਾਰਣ ਹੈ। ਉਸ ਤੋਂ ਬਿਨਾ ਸੰਸਾਰ ਦਾ ਵਿਕਾਸ ਰੁਕ ਜਾਂਦਾ ਹੈ। ਇਸ ਲਈ ਕਵੀ ਨੂੰ ਜਿਥੇ-ਕਿਥੇ ਵੀ ਅਵਸਰ ਮਿਲਿਆ ਹੈ, ਉਸ ਨੇ ਦੇਵੀ ਪ੍ਰਤਿ ਆਪਣੀ ਭਗਤੀ ਭਾਵਨਾ ਪ੍ਰਗਟ ਕੀਤੀ ਹੈ।

            ਸੰਖੇਪ ਵਿਚ ਇਹ ਗ੍ਰੰਥ ਸਰਬਲੋਹ ਅਵਤਾਰ ਦੇ ਕਥਾਨਕ ਨੂੰ ਵਰਣਿਤ ਕਰਨ ਵਾਲਾ ਇਕ ਪ੍ਰਕਾਰ ਦਾ ਭਾਸ਼ਾ -ਪੁਰਾਣ ਹੈ। ਅਨੇਕ ਪੱਖਾਂ ਤੋਂ ਇਸ ਵਿਚ ਵਡਮੁੱਲੀ ਖੋਜ- ਸਾਮਗ੍ਰੀ ਪ੍ਰਾਪਤ ਹੈ। ਇਸ ਦੀ ਪ੍ਰਧਾਨ ਭਾਸ਼ਾ ਪੁਰਾਣੀ ਹਿੰਦੀ ਹੁੰਦੇ ਹੋਇਆਂ ਵੀ ਜਿਥੇ ਇਹ ਹਿੰਦੀ ਦੀ ਇਕ ਮਹੱਤਵਪੂਰਣ ਰਚਨਾ ਹੈ, ਉਥੇ ਉਸ ਵਕਤ ਦੀ ਪੰਜਾਬੀ ਮਾਨਸਿਕਤਾ ਅਤੇ ਵੈਰੀ ਪ੍ਰਤਿ ਸਸ਼ਸਤ੍ਰ ਕਾਰਵਾਈ ਕਰਨ ਲਈ ਵਿਕਸਿਤ ਹੋਈ ਵੀਰ-ਭਾਵਨਾ ਦਾ ਪ੍ਰਭਾਵਸ਼ਾਲੀ ਪ੍ਰੇਰਣਾ-ਸਰੋਤ ਹੈ। ਅਵਤਾਰਵਾਦੀ ਭਾਵਨਾ ਦੇ ਨਾਲ ਨਾਲ ਗੁਰੂ ਨਾਨਕ ਦੇਵ ਜੀ ਦੁਆਰਾ ਸੰਚਾਲਿਤ ਭਗਤੀ ਲਹਿਰ ਦੀ ਸਰਾਹਨਾ ਵੀ ਕੀਤੀ ਗਈ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9133, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸਰਬਲੋਹ ਗ੍ਰੰਥ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਰਬਲੋਹ ਗ੍ਰੰਥ : ਇਕ ਅਜਿਹੀ ਰਚਨਾ ਹੈ ਜਿਸ ਵਿਚ ਦੇਵਤਿਆਂ ਅਤੇ ਦਾਨਵਾਂ ਦੀਆਂ ਮਿਥਿਹਾਸਿਕ ਕਥਾਵਾਂ ਦਾ ਜ਼ਿਕਰ ਹੈ। ਸਮਝਿਆ ਜਾਂਦਾ ਹੈ ਕਿ ਇਸ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਹੈ ਇਸ ਲਈ ਸਿੱਖਾਂ ਨਾਲ ਸੰਬੰਧਿਤ ਕੁਝ ਹਿੱਸੇ ਵਿਚ ਅਤੇ ਵਿਸ਼ੇਸ਼ ਕਰਕੇ ਨਿਹੰਗ ਸਿੱਖਾਂ ਵਿਚ ਇਸ ਨੂੰ ਸਤਿਕਾਰ ਨਾਲ ਦੇਖਿਆ ਜਾਂਦਾ ਹੈ। ਇਸ ਗ੍ਰੰਥ ਦੀ ਰਚਨਾ ਬਾਰੇ ਕਈ ਕਾਰਨਾਂ ਕਰਕੇ ਸਿੱਖ ਖੋਜਾਰਥੀਆਂ ਅਤੇ ਵਿਦਵਾਨਾਂ ਵਿਚ ਕਾਫੀ ਮਤਭੇਦ ਪਾਇਆ ਜਾਂਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਰਚਨਾ ਦੀ ਸ਼ੈਲੀ ਵੇਗਮਈ ਅਤੇ ਅਸੰਗਤ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਦੀਆਂ ਦਸਮ ਗ੍ਰੰਥ ਵਿਚ ਅੰਕਿਤ ਰਚਨਾਵਾਂ ਦੀ ਠੋਸ ਅਤੇ ਚੁਸਤ ਸ਼ੈਲੀ ਤੋਂ ਉਲਟ ਹੈ। ਗੁਣਾਤਮਿਕ ਪੱਖੋਂ ਵੀ ਸਰਬਲੋਹ ਦੀ ਕਵਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਚੰਡੀ ਚਰਿਤ੍ਰਾਂ ਅਤੇ ਵਾਰ ਦੁਰਗਾ ਕੀ ਨਾਲ ਮੇਲ ਨਹੀਂ ਖਾਂਦੀ, ਜਿਹੜੀ ਕਿ ਉਸੇ ਹੀ ਵਿਸ਼ੇ-ਦੇਵਤਿਆਂ ਅਤੇ ਦਾਨਵਾਂ ਦੇ ਜੰਗਾਂ ਨਾਲ ਸੰਬੰਧਿਤ ਹੈ। ਦਸਮ ਗ੍ਰੰਥ ਵਾਂਗ ਅਲੰਕਾਰਾਂ ਅਤੇ ਬਿੰਬਾਂ ਦੀ ਵਰਤੋਂ ਇਸ ਵਿਚ ਨਹੀਂ ਕੀਤੀ ਗਈ ਹੈ। ਦੂਸਰੀ ਗੱਲ ਇਹ ਹੈ ਕਿ ਸਰਬਲੋਹ ਗ੍ਰੰਥ ਦਾ ਲੇਖਕ ਅਕਸਰ ਆਪਣਾ ਨਾਂ ‘ਦਾਸ ਗੋਬਿੰਦ` ਜਾਂ ਦਾਸ ਗੋਬਿੰਦ ‘ਫਤਿਹ ਸਤਿਗੁਰ ਕੀ` ਦੀ ਵਰਤੋਂ ਕਰਦਾ ਹੈ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਦੀ ਸ਼ੈਲੀ ਨਾਲ ਆਮ ਤੌਰ ਤੇ ਮੇਲ ਨਹੀਂ ਖਾਂਦੀ। ਤੀਸਰਾ, ਸਰਬਲੋਹ ਗ੍ਰੰਥ ਸੰਦਰਭ ਤੋਂ ਬਿਲਕੁਲ ਬਾਹਰ ਸਿੱਖ ਧਰਮ ਦਾ ਵਰਨਨ ਕਰਦਾ ਹੈ; ਇਸ ਵਿਚ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਗੁਰਗੱਦੀ ਦੇਣ ਦਾ ਸੰਕੇਤ ਸ਼ਾਮਲ ਹੈ (3159-66)। ਇਸ ਤਰ੍ਹਾਂ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਰਚਨਾ ਵਿਚ ਹੋਣਾ ਸੰਭਵ ਨਹੀਂ ਜਾਪਦਾ। ਅਖੀਰ ਇਸ ਵਿਚ ਰੂਪ ਦੀਪ ਭਾਸ਼ਾ ਪਿੰਗਲ, (ਪਦੇ 2938/8) ਬਾਰੇ ਵੀ ਜ਼ਿਕਰ ਹੈ। ਇਹ ਰਚਨਾ ਪਿੰਗਲ ਬਾਰੇ ਹੈ ਜਿਸ ਨੂੰ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਗਿਆਰਾਂ ਸਾਲ ਬਾਅਦ 1719 ਵਿਚ ਜੈ ਕ੍ਰਿਸ਼ਨ ਨੇ ਲਿਖਿਆ ਹੈ।

    ਉਨ੍ਹੀਂਵੀ ਸਦੀ ਦੇ ਸਿੱਖ ਵਿਦਵਾਨ ਅਤੇ ਖੋਜਾਰਥੀ ਪੰਡਤ ਤਾਰਾ ਸਿੰਘ ਨਰੋਤਮ ਅਨੁਸਾਰ ਸਰਬਲੋਹ ਗ੍ਰੰਥ ਪਟਨਾ ਸਾਹਿਬ ਵਿਖੇ ਸਥਿਤ ਤਖ਼ਤ ਹਰਿਮੰਦਰ ਸਾਹਿਬ ਦੇ ਗ੍ਰੰਥੀ ਭਾਈ ਸੁੱਖਾ ਸਿੰਘ ਦੀ ਰਚਨਾ ਹੈ ਜਿਸਦਾ ਇਹ ਦਾਹਵਾ ਹੈ ਕਿ ਉਸਨੇ ਇਸ ਰਚਨਾ ਦਾ ਖਰੜਾ ਜਗਨਨਾਥ (ਉੜੀਸਾ) ਦੇ ਨੇੜੇ ਜੰਗਲ ਵਿਚ ਰਹਿੰਦੇ ਇਕ ਉਦਾਸੀ ਸਾਧੂ ਤੋਂ ਪ੍ਰਾਪਤ ਕੀਤਾ ਸੀ

    ਇਸ ਦਾ ਸੋਮਾ ਕੁਝ ਵੀ ਹੋਵੇ ਪਰੰਤੂ ਇਹ ਗ੍ਰੰਥ ਪ੍ਰਸਿੱਧ ਹੋ ਗਿਆ ਅਤੇ ਇਸ ਦੇ ਕਈ ਹਥ-ਲਿਖਤ ਉਤਾਰੇ ਉਪਲਬਧ ਹਨ। ਅੱਜ-ਕਲ੍ਹ ਇਹ ਨਿਹੰਗ ਸਿੱਖਾਂ ਦੇ ਬੁੱਢਾ ਦਲ ਦੇ ਜੱਥੇਦਾਰ ਬਾਬਾ ਸੰਤਾ ਸਿੰਘ ਦੁਆਰਾ ਦੋ ਭਾਗਾਂ ਵਿਚ ਛਾਪਿਆ ਹੋਇਆ ਮਿਲਦਾ ਹੈ। ਇਹ ਵੱਖ ਵੱਖ ਛੰਦਾਂ ਵਿਚ ਇਕ ਲੰਮੀ ਰਚਨਾ ਹੈ ਜਿਸ ਦੇ 4361 ਬੰਦ ਅਤੇ 862 ਪੰਨੇ ਛਪੇ ਹੋਏ ਹਨ। ਲੇਖਕ ਅਨੁਸਾਰ ਇਸ ਵਰਨਨ ਦਾ ਅਸਲ ਸ੍ਰੋਤ (ਛੰਦ 2093, 3312,3409) ਸ਼ੁਕ੍ਰ ਭਾਸ਼ਯ ਹੈ ਜੋ ਹਿੰਦੂ ਮਿਥਹਾਸ ਦੀ ਇਕ ਪੁਰਾਤਨ ਰਚਨਾ ਹੈ। ਇਹ ਪੰਜ ਭਾਗਾਂ ਵਿਚ ਵੰਡੀ ਹੋਈ ਰਚਨਾ ਹੈ। ਭਾਗ ਪਹਿਲੇ ਵਿਚ ਸ੍ਰੀ ਮਾਯਾ ਲਛਮੀ ਦੀ ਉਪਮਾ ਅਤੇ ਮਹਿਮਾ ਗਾਇਨ ਕੀਤੀ ਹੋਈ ਹੈ, ਜਿਸ ਨੂੰ ਆਦਿ ਭਵਾਨੀ, ਦੁਰਗਾ, ਜਵਾਲਾ, ਕਾਲੀ ਜਾਂ ਕਾਲਿਕਾ ਅਤੇ ਚੰਡੀ ਰੂਪ ਵਿਚ ਪਛਾਣਿਆ ਗਿਆ ਹੈ ਅਤੇ ਇਸੇ ਨੂੰ ਪੁਰਸ਼ ਹਰਿ ਅਤੇ ਗੋਪਾਲ ਰੂਪ ਵਿਚ ਵੀ ਦੇਖਿਆ ਗਿਆ ਹੈ। ਇਸਦੇ ਬਹੁਗੁਣੀ ਅਨੇਕਾਂ ਨਾਵਾਂ ਵਿਚੋਂ ਇਕ ਨਾਂ ਸਰਬ ਲੋਹ ਵੀ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਲਈ ਅਕਾਲ ਉਸਤਤਿ ਵਿਚ ਵਰਤਿਆ ਹੈ। ਭਾਗ ਦੂਜੇ ਵਿਚ ਵਿਸ਼ਨੂੰ ਨੂੰ ਸਰਬਲੋਹ ਦਾ ਅਵਤਾਰ ਧਾਰਨ ਲਈ ਬੇਨਤੀ ਕੀਤੀ ਹੈ (ਛੰਦ 1167)। ਪਰੰਤੂ ਭਾਗ 5 ਦੇ ਅਰੰਭ ਵਿਚ ਇਹ ਸਪਸ਼ਟ ਹੋ ਜਾਂਦਾ ਹੈ ਕਿ ਸਰਬਲੋਹ ਮਹਾਂਕਾਲ ਜਾਂ ਗੋਪਾਲ (ਛੰਦ 2386) ਦਾ ਅਵਤਾਰ ਹੈ।

    ਸਰਬਲੋਹ ਗ੍ਰੰਥ ਦਾ ਕਥਾਨਕ ਚੰਡੀ ਚਰਿਤ੍ਰ ਨਾਲ ਲਗਪਗ ਮਿਲਦਾ ਹੈ। ਦੇਵਤੇ ਦਾਨਵਾਂ ਤੋਂ ਹਾਰ ਖਾ ਕੇ ਦੇਵੀ ਭਵਾਨੀ ਕੋਲ ਜਾਂਦੇ ਹਨ ਜਿਹੜੀ ਕਈ ਦਾਨਵਾਂ ਨੂੰ ਮਾਰ ਦਿੰਦੀ ਹੈ; ਇਥੋਂ ਤਕ ਕਿ ਇਹ ਉਹਨਾਂ ਦੇ ਮੁਖੀ ਭੀਮਨਾਦ ਨੂੰ ਵੀ 7 ਸਾਲ ਦੀ ਲੰਮੀ ਜੰਗ ਵਿਚ ਮਾਰ ਦਿੰਦੀ ਹੈ। ਪਿਛੋਂ ਭੀਮਨਾਦ ਦਾ ਲੜਕਾ ਵੀਰਯਨਾਦ ਤਾਕਤ ਵਿਚ ਆਉਂਦਾ ਹੈ ਅਤੇ ਦੇਵਤਿਆਂ ਦੇ ਵਿਰੁੱਧ ਜੰਗ ਲੜਦਾ ਹੈ। ਇਸ ਸਮੇਂ (ਭਗਵਾਨ) ਵਿਸ਼ਨੂੰ ਇਹਨਾਂ ਦੀ ਰੱਖਿਆ ਲਈ ਆਉਂਦੇ ਹਨ। ਬ੍ਰਹਮਾ ਅਤੇ ਸ਼ਿਵ ਵੀ ਇਹਨਾਂ ਦੀ ਮਦਦ ਕਰਦੇ ਹਨ ਪਰੰਤੂ ਵੀਰਯਨਾਦ ਇਸ 12 ਸਾਲ ਦੀ ਲੰਮੀ ਜੰਗ ਵਿਚ ਵਿਜੇਤਾ ਹੀ ਨਹੀਂ ਰਹਿੰਦਾ ਸਗੋਂ ਉਹ ਦੇਵਤਿਆਂ ਦੇ ਰਾਜੇ ਇੰਦਰ ਨੂੰ ਉਸਦੇ ਪੁੱਤਰਾਂ ਸਮੇਤ ਫੜ ਵੀ ਲੈਂਦਾ ਹੈ। ਵਿਸ਼ਨੂੰ ਉਹਨਾਂ ਨੂੰ ਅਜ਼ਾਦ ਕਰਾਉਂਦਾ ਹੈ ਅਤੇ ਇਹਨਾਂ ਨੂੰ ਮਹਾਂਕਾਲ ਕੋਲ ਲੈ ਕੇ ਚਲਾ ਜਾਂਦਾ ਹੈ ਜੋ ਉਹਨਾਂ ਦੀ ਬੇਨਤੀ ਤੇ ਸਰਬਲੋਹ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ ਅਤੇ ਹੋਰ ਭਿਆਨਕ ਜੰਗਾਂ ਕਰਕੇ ਵੀਰਯਨਾਦ ਅਤੇ ਉਸਦੀ ਸੈਨਾ ਦਾ ਖ਼ਾਤਮਾ ਕਰ ਦਿੰਦਾ ਹੈ। ਇਸ ਸਮੇਂ ਕਵੀ ਮਹਾਂਕਾਵਿ ਨੂੰ ਤਰਕ ਅਤੇ ਤਰਕਹੀਣਤਾ ਵਿਚਕਾਰ ਲੜਾਈ ਦੇ ਤੌਰ ਤੇ ਬਿਆਨਦਾ ਹੈ ਜਿਸ ਵਿਚ ਤਰਕ ਦੀ ਜਿੱਤ ਹੁੰਦੀ ਹੈ।


ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9113, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਰਬਲੋਹ ਗ੍ਰੰਥ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਰਬਲੋਹ (ਗ੍ਰੰਥ) : ਇਹ ਇਕ ਪ੍ਰਸਿੱਧ ਗ੍ਰੰਥ ਹੈ। ਇਸ ਦਾ ਦੂਜਾ ਨਾਂ ‘ਮੰਗਲਾਚਰਣ’ ਹੈ ਪਰ ਵਧੇਰੇ ਕਰਕੇ ਇਸ ਦਾ ਨਾਂ ਸਰਬਲੋਹ ਦੀ ਪ੍ਰਚਲਿਤ ਹੈ। ਇਸ ਗ੍ਰੰਥ ਵਿਚ ‘ਮਹਾਕਾਲ ਸਰਬਲੋਹ’ ਨਾਮੀ ਅਵਤਾਰ ਦੀ ਕਥਾ ਦਰਜ ਹੋਣ ਕਾਰਨ ਇਸ ਦਾ ਨਾਂ ‘ਸਰਬਲੋਹ’ ਪਿਆ ਪ੍ਰਤੀਤ ਹੁੰਦਾ ਹੈ। ਗ੍ਰੰਥ ਦੇ ਕਰਤਾ ਬਾਰੇ ਅਜੇ ਵੀ ਸ਼ੰਕਾ ਹੀ ਚਲਿਆ ਆ ਰਿਹਾ ਹੈ। ਕੁਝ ਵਿਦਵਾਨ ਇਸ ਨੂੰ ਦਸਵੇਂ ਗੁਰੂ ਜੀ ਦੀ ਅਤੇ ਕੁਝ ਵਿਦਵਾਨ ਇਸ ਨੂੰ ਭਾਈ ਸੁੱਖਾ ਸਿੰਘ ਪਟਨੇ ਵਾਲੇ ਦੀ ਰਚਨਾ ਮੰਨਦੇ ਹਨ।

        ਇਹ ਗ੍ਰੰਥ ਪੰਜ ਅਧਿਆਵਾਂ ਵਿਚ ਵੰਡਿਆ ਹੋਇਆ ਹੈ। ਪਹਿਲੇ ਅਧਿਆਇ ਵਿਚ ਦੈਂਤਾਂ ਦੇ ਦੇਵਤਿਆਂ ਨਾਲ ਯੁੱਧ ਕਰਨ ਅਤੇ ਉਨ੍ਹਾਂ ਨੂੰ ਹਰਾਉਣ ਅਤੇ ਫਿਰ ਦੇਵੀ ਦੀ ਸਹਾਇਤਾ ਨਾਲ ਦੇਵਤਿਆਂ ਦੇ ਰਾਜੇ ਭੀਮ ਨਾਦ ਨੂੰ ਮਾਰਨ ਸੰਬੰਧੀ ਦ੍ਰਿਸ਼ ਖਿੱਚਿਆ ਗਿਆ ਹੈ। ਦੂਜੇ ਅਧਿਆਇ ਵਿਚ ਰਾਜੇ ਭੀਮ ਨਾਦ ਦੀ ਮੌਤ ਦਾ ਬਦਲਾ ਲੈਣ ਲਈ ਉਸ ਦੇ ਭਰਾ ਬ੍ਰਿਜਨਾਦ (ਵੀਰਯ ਨਾਦ) ਦੀ ਤਿਆਰੀ ਲਈ ਲਿਖੀਆਂ ਚਿੱਠੀਆਂ ਦੀ ਤਸਵੀਰ ਪੇਸ਼ ਕੀਤੀ ਗਈ ਹੈ। ਤੀਜੇ ਅਧਿਆਇ ਵਿਚ ਦੈਂਤਾਂ ਅਤੇ ਦੇਵਤਿਆਂ ਦੇ ਦਲਾਂ ਨੂੰ ਰਣਭੂਮੀ ਅੰਦਰ ਆਹਮਣੇ-ਸਾਹਮਣੇ ਹੋਏ ਵਿਆਖਿਆ ਗਿਆ ਹੈ। ਇਸਦੇ ਨਾਲ ਹੀ ਨਾਰਦ ਵਿਸ਼ਨੂੰ ਦਾ ਦੂਤ ਬਣ ਕੇ ਬ੍ਰਿਜਨਾਦ ਕੋਲ ਸੁਲ੍ਹਾ ਲਈ ਜਾਂਦਾ ਹੈ ਪਰ ਹੰਕਾਰੀ ਦੈਂਤ ਯੁੱਧ ਦਾ ਡੰਕਾ ਵਜਾ ਦਿੰਦਾ ਹੈ। ਚੌਥੇ ਅਧਿਆਇ ਵਿਚ ਪੂਰਬ ਯੁੱਧ ਦਾ ਚਿਤਰ ਉਲੀਕਿਆ ਗਿਆ ਹੈ, ਦੈਂਤਾਂ ਦੀ ਫ਼ਤਹਿ ਅਤੇ ਇੰਦਰ ਨੂੰ ਬੰਦੀ ਬਣਾਉਣ ਦਾ ਦ੍ਰਿਸ਼ ਪੇਸ਼ ਕੀਤਾ ਗਿਆ ਹੈ। ਪੰਜਵੇਂ ਅਧਿਆਇ ਵਿਚ ਦੁਖੀ ਦੇਵਤਿਆਂ ਦੀ ਪ੍ਰਾਰਥਨਾ ਤੇ ‘ਮਹਾਕਲ ਸਰਬਲੋਹ’ ਦੇ ਅਵਤਾਰ ਧਾਰਨ, ਉਸ ਦੇ ਦੈਂਤ ਬ੍ਰਿਜਨਾਦ ਨਾਲ ਹੋਏ ਯੁੱਧ ਅਤੇ ਉਸ ਦੀ ਫ਼ਤਹਿ ਅਤੇ ਦੈਂਤ ਦੀ ਮੌਤ ਨੂੰ ਬਿਆਨ ਕੀਤਾ ਗਿਆ ਹੈ।

        ਇਹ ਸਾਰਾ ਗ੍ਰੰਥ ਅਵਤਾਰ ਪਰੰਪਰਾ ਤੇ ਆਧਾਰਿਤ ਹੈ ਅਤੇ ਪੌਰਾਣਿਕ ਸ਼ੈਲੀ ਵਿਚ ਕਲਮਬੰਦ ਕੀਤਾ ਗਿਆ ਹੈ। ਸ਼ੈਲੀ ਦੇ ਪੱਖੋਂ ਇਹ ਗ੍ਰੰਥ ਭਾਸ਼ਾ-ਪੁਰਾਣ ਜਾਪਦਾ ਹੈ। ਪੁਰਾਣਾਂ ਵਾਂਗ ਹੀ ਇਸ ਵਿਚ ਕਈ ਵਕਤੇ ਅਤੇ ਸਰੋਤੇ ਹਨ। ਉਨ੍ਹਾਂ ਅਨੁਸਾਰ ਹੀ ਕਥਾ ਵਿਚੋਂ ਕਥਾ ਜਨਮ ਲੈਂਦੀ ਹੈ। ਬਚਨਿਕਾ ਅਤੇ ਪੁਸ਼ਪਿਕਾ ਸ਼ੈਲੀ ਵੀ ਪੁਰਾਣਾਂ ਵਾਲੀ ਹੀ ਹੈ। ਸਤੋਤ੍ਰ ਕਥਨ ਵੀ ਪੁਰਾਣਾਂ ਵਾਲਾ ਹੀ ਹੈ। ਇਸ ਗ੍ਰੰਥ ਦੇ ਮਹਾਤਮ ਦੀ ਪੌਰਾਣਿਕ ਸ਼ੈਲੀ ਤੇ ਹਨ। ਇਸ ਵਿਚ ਲਗਭਗ 128 ਰਾਗ ਰਾਗਣੀਆਂ ਵਰਤੀਆਂ ਗਈਆਂ ਹਨ ਅਤੇ ਸਾਰੀ ਰਚਨਾ ਗੀਤਬਧ ਹੈ। ਦਸਮ ਗ੍ਰੰਥ ਦੀ ਰਚਨਾ ਤੋਂ ਬਾਅਦ, ਇਹ ਹਿੰਦੀ ਅਤੇ ਪੰਜਾਬੀ ਵਿਚ ਇਕ ਮਹੱਤਵਪੂਰਨ ਪੌਰਾਣਿਕ ਰਚਨਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6502, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-10-04-08-48, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਵਿ. ਕੋ. 4:217; ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.